ਉਮਦਾਤ ਉਤ-ਤਵਾਰੀਖ਼ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਮਦਾਤ ਉਤ-ਤਵਾਰੀਖ਼ : ਦਾ ਸ਼ਾਬਦਿਕ ਅਰਥ ਚੋਣਵਾਂ ਇਤਿਹਾਸ ਹੈ। ਸੋਹਨ ਲਾਲ ਸੂਰੀ ਦੁਆਰਾ ਮੂਲ ਰੂਪ ਵਿਚ ਰਣਜੀਤ ਸਿੰਘ ਅਤੇ ਉਸ ਦੇ ਉਤਰਾਧਿਕਾਰੀਆਂ ਦੇ ਰਾਜਕਾਲ ਬਾਰੇ ਫ਼ਾਰਸੀ ਵਿਚ ਲਿਖਿਆ ਇਹ ਬਿਰਤਾਂਤ ਹੈ। ਪੰਜ ਸੈਂਚੀਆਂ ਦਾ ਸ਼ਿਕਸਤਾ ਲਿਖਾਈ ਵਾਲਾ ਇਹ ਮੂਲ ਖਰੜਾ ਹੈ ਜਿਸਦੇ ਲਗਪਗ 7,000 ਪੰਨੇ ਹਨ। 1880 ਵਿਚ ਇਸ ਰਚਨਾ ਦੇ ਲੇਖਕ ਦੇ ਵੰਸ਼ਜਾਂ ਨੇ ਪੰਜਾਬ ਯੂਨੀਵਰਸਿਟੀ ਕਾਲਜ, ਲਾਹੌਰ ਦੀ ਸਰਪ੍ਰਸਤੀ ਅਧੀਨ ਇਸ ਰਚਨਾ ਦਾ ਪੱਥਰ ਦੀ ਛਪਾਈ ਵਾਲਾ ਸੰਸਕਰਨ ਛਾਪਿਆ ਸੀ। ਅਸਲ ਵਿਚ ਕਾਲਜ ਦਾ ਰਜਿਸਟਰਾਰ ਜੀ.ਡਬਲਿਓ. ਲੈਟਨਰ ਇਸ ਖਰੜੇ ਨੂੰ ਆਪਣੇ ਨਾਲ ਫਲੋਰੈਂਸ ਵਿਖੇ ਹੋ ਰਹੀ ਉਰੀਐਂਟਲਿਸਟਾਂ ਦੀ ਅੰਤਰਰਾਸ਼ਟਰੀ ਕਾਂਗਰਸ (1879) ਵਿਚ ਨਾਲ ਲੈ ਗਿਆ ਸੀ ਜਿਥੇ ਇਸ ਖਰੜੇ ਨੂੰ ਨੁਮਾਇਸ਼ ਵਜੋਂ ਰਖਿਆ ਗਿਆ ਸੀ। ਫਿਰ ਇਸ ਖਰੜੇ ਨੂੰ ਲੇਖਕ ਦੇ ਪੋਤਰੇ ਹਰਭਗਵਾਨ ਦਾਸ ਨੂੰ ਵਾਪਸ ਕਰ ਦਿੱਤਾ ਗਿਆ ਜਿਸਤੋਂ ਇਹ ਪਹਿਲਾਂ ਲਿਆ ਗਿਆ ਸੀ। ਇਸ ਉਪਰੰਤ ਇਸ ਰਚਨਾ ਦਾ ਨਿਰੀਖਣ ਕਰਨ ਲਈ ਵਿਦਵਾਨਾਂ ਦੀ ਇਕ ਕਮੇਟੀ ਨਿਯੁਕਤ ਕੀਤੀ ਗਈ ਜਿਨ੍ਹਾਂ ਦੀ ਸਿਫਾਰਿਸ਼ ਤੇ ਇਸ ਰਚਨਾ ਨੂੰ ਪ੍ਰਕਾਸ਼ਿਤ ਕਰਨ ਲਈ ਹੱਥ ਵਿਚ ਲਿਆ ਗਿਆ। ਹੁਣ ਇਸ ਰਚਨਾ ਦੀ ਤੀਜੀ ਅਤੇ ਚੌਥੀ ਸੈਂਚੀ ਦਾ ਅੰਗਰੇਜ਼ੀ ਅਨੁਵਾਦ ਵੀ ਉਪਲਬਧ ਹੈ ਜਿਸ ਨੂੰ ਆਧੁਨਿਕ ਵਿਦਵਾਨ ਵੀ.ਐਸ.ਸੂਰੀ ਨੇ ਤਿਆਰ ਕੀਤਾ ਹੈ।

    ‘ਦਫ਼ਤਰਾਂ` ਵਜੋਂ ਜਾਣੀਆਂ ਜਾਂਦੀਆਂ ਇਸ ਰਚਨਾ ਦੀਆਂ ਪੰਜ ਸੈਂਚੀਆਂ 1469 ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ 1849 ਦੇ ਬਰਤਾਨਵੀਆਂ ਦੁਆਰਾ ਪੰਜਾਬ ਉੱਤੇ ਕਬਜ਼ਾ ਕਰਨ ਤਕ ਦੇ ਦੌਰ ਦੇ ਬਿਰਤਾਂਤ ਹਨ। ‘ਦਫ਼ਤਰ ਪਹਿਲਾ`(166 ਪੰਨੇ) ਸਿੱਖ ਧਰਮ ਦੇ ਸੰਸਥਾਪਕ, ਗੁਰੂ ਨਾਨਕ ਦੇਵ ਜੀ ਦੇ ਸਮੇਂ ਸਿੱਖ ਧਰਮ ਦੇ ਵਿਕਾਸ ਤੋਂ ਲੈ ਕੇ 18ਵੀਂ ਸਦੀ ਦੇ ਮੱਧ ਵਿਚ ਅਹਿਮਦ ਸ਼ਾਹ ਦੁੱਰਾਨੀ ਦੇ ਮਾਰੂ ਹਮਲਿਆਂ ਤਕ ਦਾ ਇਤਿਹਾਸ ਬਿਆਨ ਕਰਦਾ ਹੈ। ਇਸ ਸੈਂਚੀ ਨਾਲ ਚਾਰ ਪੰਨਿਆਂ ਦਾ ਸਪਲੀਮੈਂਟ (ਪੂਰਕ ਪੱਤਰ) ਨੱਥੀ ਕੀਤਾ ਗਿਆ ਹੈ ਜੋ ਉੱਘੇ ਸਿੱਖ ਦਰਬਾਰੀਆਂ ਸੰਬੰਧੀ ਸੰਖੇਪ ਜਾਣਕਾਰੀ ਦਿੰਦਾ ਹੈ। ‘ਦਫ਼ਤਰ ਦੂਜਾ` ਚੜ੍ਹਤ ਸਿੰਘ , ਮਹਾਂ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਸੰਬੰਧੀ ਜਾਣਕਾਰੀ ਪੇਸ਼ ਕਰਦਾ ਹੈ। ‘ਦਫ਼ਤਰ ਤੀਜਾ` (764 ਪੰਨੇ) ਪੰਜ ਭਾਗਾਂ ਵਿਚ ਵੰਡਿਆ ਗਿਆ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੇ 1831 ਤੋਂ 1839 ਤੱਕ ਦੇ ਰਾਜਕਾਲ ਦਾ ਬਿਰਤਾਂਤ ਹੈ, ਜਿਸਦੀ ਸਮਾਪਤੀ ਮਹਾਰਾਜਾ ਦੀ ਮੌਤ ਨਾਲ ਹੁੰਦੀ ਹੈ। ਇਸ ‘ਦਫ਼ਤਰ` ਵਿਚ ਸਿੱਖ ਦਰਬਾਰ ਦੀਆਂ ਰੋਜ਼ਾਨਾ ਦੀਆਂ ਕਾਰਵਾਈਆਂ ਨੂੰ ਦਰਜ ਕੀਤਾ ਗਿਆ ਹੈ ਅਤੇ ਇਸਦੇ ਨਾਲ ਹੀ ਸਾਮਰਾਜ ਦੇ ਵੱਖ-ਵੱਖ ਭਾਗਾਂ ਤੋਂ ਗਵਰਨਰਾਂ, ਸ਼ਹਿਜ਼ਾਦਿਆਂ, ਫ਼ੌਜੀ ਜਰਨੈਲਾਂ ਅਤੇ ਰਿਪੋਟਾਂ ਭੇਜਣ ਵਾਲਿਆਂ ਦੇ ਪੱਤਰਾਂ ਦਾ ਸੰਖੇਪ ਵੇਰਵਾ ਵੀ ਦਰਜ ਕੀਤਾ ਗਿਆ ਹੈ। ਪਹਿਲਾ ਭਾਗ ਸੰਨ 1831 ਸੰਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ, ਦੂਸਰਾ ਭਾਗ 1836 ਸੰਬੰਧੀ, ਤੀਸਰਾ ਮੁੱਖ ਰੂਪ ਵਿਚ 1836 ਸੰਬੰਧੀ, ਚੌਥਾ 1838 ਅਤੇ ਪੰਜਵਾਂ ਭਾਗ 1838 ਵਿਚ ਸ਼ਹਿਜ਼ਾਦੇ ਦਲੀਪ ਸਿੰਘ ਦੇ ਜਨਮ ਨਾਲ ਸ਼ੁਰੂ ਹੁੰਦਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਅੰਤਲੇ ਸਮੇਂ ਦੀਆਂ ਕੁਝ ਮਹਤਵਪੂਰਨ ਘਟਨਾਵਾਂ ਜਿਵੇਂ ਕਿ ਉਹਨਾਂ ਦੀ ਅੰਮ੍ਰਿਤਸਰ , ਲਾਹੌਰ ਅਤੇ ਫ਼ਿਰੋਜ਼ਪੁਰ ਵਿਚ ਲਾਰਡ ਆਕਲੈਂਡ ਨਾਲ ਹੋਈਆਂ ਮੁਲਾਕਾਤਾਂ ਬਾਰੇ ਅਤੇ ਸ਼ਾਹ ਸ਼ੁਜਾ ਅਤੇ ਬਰਤਾਨਵੀ ਸਰਕਾਰ ਨਾਲ ਹੋਈ ਤ੍ਰੈ-ਪੱਖੀ ਸੰਧੀ ਬਾਰੇ ਬਿਉਰਾ ਦਿੰਦਾ ਹੈ। ਦਫ਼ਤਰ ਚੌਥਾ (218 ਪੰਨੇ) ਨੂੰ ਅੱਗੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ।ਪਹਿਲਾ ਭਾਗ (74 ਪੰਨੇ) ਮਹਾਰਾਜਾ ਖੜਕ ਸਿੰਘ , ਨੌਨਿਹਾਲ ਸਿੰਘ, ਸ਼ੇਰ ਸਿੰਘ ਅਤੇ ਦਲੀਪ ਸਿੰਘ ਦੇ ਰਾਜ-ਕਾਲ ਅਤੇ ਸਿੱਖ ਰਾਜ ਦੇ ਪਤਨ ਸੰਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ, ਦੂਜਾ ਭਾਗ (56 ਪੰਨੇ) ਸ਼ਹਿਜ਼ਾਦਾ ਸ਼ੇਰ ਸਿੰਘ ਦੇ ਜੀਵਨ ਸੰਬੰਧੀ ਬਿਰਤਾਂਤ ਨੂੰ ਪੇਸ਼ ਕਰਦਾ ਹੈ, ਅਤੇ ਤੀਜਾ ਭਾਗ (88 ਪੰਨੇ) ਸ਼ੇਰ ਸਿੰਘ ਦੇ ਰਾਜ ਕਾਲ ਸੰਬੰਧੀ ਜਾਣਕਾਰੀ ਦਿੰਦਾ ਹੈ। ਦਫ਼ਤਰ ਪੰਜਵਾਂ (175 ਪੰਨੇ) ਜਨਵਰੀ 1845 ਤੋਂ ਮਾਰਚ 1849 ਵਿਚ ਮਹਾਰਾਜਾ ਦਲੀਪ ਸਿੰਘ ਅਤੇ ਐਂਗਲੋ-ਸਿੱਖ ਯੁੱਧਾਂ ਬਾਰੇ ਜਾਣਕਾਰੀ ਉਪਲਬਧ ਹੈ ਅਤੇ ਇਸਦੀ ਸਮਾਪਤੀ ਬਰਤਾਨਵੀ ਸਰਕਾਰ ਦੁਆਰਾ ਪੰਜਾਬ ਨੂੰ ਆਪਣੇ ਰਾਜ ਨਾਲ ਮਿਲਾ ਲੈਣ ਨਾਲ ਹੁੰਦੀ ਹੈ।

      ਉਮਦਾਤ ਉਤ-ਤਵਾਰੀਖ਼, ਉੱਤਮ ਸਾਹਿਤਿਕ ਸ਼ੈਲੀ ਵਿਚ ਲਿਖਿਆ ਹੋਇਆ, ਸਿੱਖ ਰਾਜ ਦੇ ਸਮੇਂ ਦਾ ਵਿਸਤਾਰਪੂਰਨ ਅਤੇ ਮਹੱਤਵਪੂਰਨ ਦਸਤਾਵੇਜ਼ ਹੈ। 1831 ਵਿਚ ਇਸ ਖਰੜੇ ਦੀ ਕਾਪੀ ਲੁਧਿਆਣਾ ਵਿਖੇ ਈਸਟ ਇੰਡੀਆ ਕੰਪਨੀ ਦੇ ਪੋਲੀਟੀਕਲ ਏਜੰਟ ਕੈਪਟਨ ਵੇਡ ਨੂੰ ਭੇਂਟ ਕੀਤੀ ਗਈ ਸੀ ਜੋ ਅੱਜ ਵੀ ਏਸ਼ੀਆਟਿਕ ਸੋਸਾਇਟੀ ਲਾਇਬ੍ਰੇਰੀ, ਕੋਲਕਤਾ ਵਿਚ ਸੰਭਾਲੀ ਪਈ ਹੈ। ਕੈਪਟਨ ਵੇਡ ਦੀ ਬੇਨਤੀ ਤੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਲੇਖਕ ਦੀ ਜ਼ਿੰਮੇਵਾਰੀ ਲਾਈ ਸੀ ਕਿ ਉਹ ਲੁਧਿਆਣੇ ਜਾ ਕੇ ਕੈਪਟਨ ਵੇਡ ਨੂੰ ‘ਇਸ ਸਨਮਾਨਿਤ ਬਿਰਤਾਂਤ`ਤੋਂ ਜਾਣੂੰ ਕਰਵਾਵੇ।


ਲੇਖਕ : ਭ.ਸ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.